ਆਪਣੇ ਹੜ੍ਹ ਦੇ ਖ਼ਤਰੇ ਬਾਰੇ ਪਤਾ ਲਗਾਓ
ਆਪਣੇ ਹੜ੍ਹ ਦੇ ਖ਼ਤਰੇ ਬਾਰੇ ਸਥਾਨਕ ਜਾਣਕਾਰੀ ਲਈ ਆਪਣੀ ਕੌਂਸਲ ਨਾਲ ਸੰਪਰਕ ਕਰੋ।
ਹੜ੍ਹਾਂ ਦੀ ਸਥਾਨਕ ਜਾਣਕਾਰੀ ਲਈ ਆਪਣੀ ਸਥਾਨਕ NSW SES ਯੂਨਿਟ ਨਾਲ ਸੰਪਰਕ ਕਰੋ। NSW SES ਵੈੱਬਸਾਈਟ 'ਤੇ ਵੀ ਸਥਾਨਕ ਹੜ੍ਹਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਪਹਿਲਾਂ ਆਏ ਹੜ੍ਹਾਂ ਦੀ ਜਾਣਕਾਰੀ ਲਈ ਆਪਣੇ ਗੁਆਂਢੀਆਂ ਅਤੇ ਉਨ੍ਹਾਂ ਵਸਨੀਕਾਂ ਨਾਲ ਗੱਲ ਕਰੋ ਜੋ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਰਹਿੰਦੇ, ਕੰਮ ਕਰਦੇ ਜਾਂ ਆਉਂਦੇ-ਜਾਂਦੇ ਰਹਿੰਦੇ ਹਨ।
ਆਪਣੇ ਘਰ, ਕਾਰੋਬਾਰ ਜਾਂ ਜਾਇਦਾਦ ਦੀ ਜ਼ਮੀਨੀ ਉਚਾਈ ਦਾ ਪਤਾ ਕਰੋ, ਇਹ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਹ ਜਾਣਕਾਰੀ ਤੁਹਾਡੀ ਕੌਂਸਲ ਕੋਲੋਂ ਉਪਲਬਧ ਹੋਣੀ ਚਾਹੀਦੀ ਹੈ।
ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਘਰ ਅਤੇ ਜਾਇਦਾਦ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਸਹੀ ਬੀਮਾ ਪਾਲਿਸੀ ਹੈ।
ਹੜ੍ਹਾਂ ਦੇ ਪ੍ਰਭਾਵਾਂ ਤੋਂ ਸੁਚੇਤ ਰਹੋ
ਹੜ੍ਹ ਦੇ ਬਹੁਤ ਸਾਰੇ ਪ੍ਰਭਾਵ ਹੁੰਦੇ ਹਨ, ਉਦਾਹਰਨ ਲਈ:
ਤੁਹਾਡੇ ਘਰ, ਕਾਰੋਬਾਰ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਣਾ
ਬਿਜਲੀ ਅਤੇ ਪਾਣੀ ਦੀ ਸਪਲਾਈ ਦਾ ਬੰਦ ਹੋ ਜਾਣਾ
ਸੰਚਾਰ ਕਨੈਕਸ਼ਨਾਂ ਦਾ ਟੁੱਟ ਜਾਣਾ
ਗੰਦੇ ਪਾਣੀ ਦੀ ਨਿਕਾਸੀ ਵਾਲੀ ਪ੍ਰਣਾਲੀ (ਸੀਵਰੇਜ ਸਿਸਟਮ) ਵਿੱਚ ਖ਼ਰਾਬੀ ਆਉਣਾ
ਸੜਕਾਂ, ਪੁਲਾਂ ਅਤੇ ਉਨ੍ਹਾਂ ਥਾਵਾਂ 'ਤੇ ਹੜ੍ਹ ਦਾ ਪਾਣੀ, ਜਿੱਥੋਂ ਤੁਸੀਂ ਲੰਘਦੇ ਹੋ
ਦੂਸਰਿਆਂ ਤੋਂ ਵੱਖ ਹੋ ਜਾਣਾ। ਭਾਵੇਂ ਤੁਹਾਡੀ ਜਾਇਦਾਦ ਵਿੱਚ ਹੜ੍ਹ ਨਹੀਂ ਆਉਂਦਾ, ਪਰ ਤੁਸੀਂ ਹੜ੍ਹ ਦੇ ਪਾਣੀ ਨਾਲ ਘਿਰ ਸਕਦੇ ਹੋ।
ਜਾਣੋ ਕਿ ਕੀ ਕਰਨਾ ਹੈ ਅਤੇ ਕਿੱਥੇ ਜਾਣਾ ਹੈ
ਆਪਣੇ ਘਰ, ਕਾਰੋਬਾਰ ਅਤੇ ਜਾਇਦਾਦ ਲਈ ਐਮਰਜੈਂਸੀ ਯੋਜਨਾਵਾਂ ਬਣਾਓ। ਆਪਣੀ ਦੇਖਭਾਲ ਵਿਚਲੇ ਸਾਰੇ ਲੋਕਾਂ ਅਤੇ ਜਾਨਵਰਾਂ ਲਈ ਯੋਜਨਾ ਬਣਾਓ।
ਆਪਣੀ ਐਮਰਜੈਂਸੀ ਯੋਜਨਾ ਨੂੰ ਪਰਿਵਾਰ, ਗੁਆਂਢੀਆਂ ਅਤੇ ਨਾਲ ਕੰਮ ਕਰਨ ਵਾਲਿਆਂ ਨਾਲ ਸਾਂਝਾ ਕਰੋ ਅਤੇ ਬਾਕਾਇਦਾ ਇਸ ਦੀ ਸਮੀਖਿਆ ਕਰੋ।
ਜਲਦੀ ਛੱਡ ਕੇ ਚਲੇ ਜਾਣ ਦੀ ਯੋਜਨਾ ਬਣਾਓ।
ਵੱਖ-ਵੱਖ ਸੜਕਾਂ ਬੰਦ ਹੋਣ ਦੇ ਹਾਲਾਤਾਂ ਲਈ ਯਾਤਰਾ ਕਰਨ ਦੇ ਸੁਰੱਖਿਅਤ ਰਸਤਿਆਂ ਦੀ ਯੋਜਨਾ ਬਣਾਓ।
ਜਾਣ ਲਈ ਸੁਰੱਖਿਅਤ ਜਗ੍ਹਾ ਦਾ ਪ੍ਰਬੰਧ ਕਰੋ ਜੋ ਹੜ੍ਹ ਦੇ ਖ਼ਤਰੇ ਵਾਲੇ ਇਲਾਕੇ ਤੋਂ ਬਾਹਰ ਹੋਵੇ, ਉਦਾਹਰਨ ਲਈ ਕਿਸੇ ਦੋਸਤ ਜਾਂ ਰਿਸ਼ਤੇਦਾਰ ਦਾ ਘਰ। ਜੇਕਰ ਇਹ ਕੋਈ ਵਿਕਲਪ ਨਹੀਂ ਹੈ, ਤਾਂ ਕਿਸੇ ਠਾਹਰ ਲੈਣ ਵਾਲੇ ਕੇਂਦਰ ਵਿੱਚ ਜਾਣ ਦੀ ਯੋਜਨਾ ਬਣਾਓ।
ਐਮਰਜੈਂਸੀ ਕਿੱਟ ਤਿਆਰ ਕਰੋ
ਤੁਹਾਡੀ ਐਮਰਜੈਂਸੀ ਕਿੱਟ ਵਿੱਚ ਇਹ ਸਭ ਹੋਣਾ ਚਾਹੀਦਾ ਹੈ:
ਵਾਧੂ ਬੈਟਰੀਆਂ ਦੇ ਨਾਲ ਚੁੱਕਵਾਂ (ਪੋਰਟੇਬਲ) ਰੇਡੀਓ
ਵਾਧੂ ਬੈਟਰੀਆਂ (ਸੈੱਲਾਂ) ਸਮੇਤ ਟਾਰਚ
ਮੁੱਢਲੀ ਸਹਾਇਤਾ (ਫ਼ਸਟ ਏਡ) ਕਿੱਟ (ਤੁਹਾਡੇ ਪਰਿਵਾਰ ਲਈ ਲੋੜੀਂਦੀਆਂ ਚੀਜ਼ਾਂ ਦੇ ਨਾਲ)
ਮੋਮਬੱਤੀਆਂ ਅਤੇ ਪਾਣੀ ਨਾਲ ਨਾ ਭਿੱਜਣ ਵਾਲਿਆਂ ਮਾਚਿਸਾਂ
ਐਮਰਜੈਂਸੀ ਸੰਪਰਕ ਨੰਬਰਾਂ ਸਮੇਤ ਮਹੱਤਵਪੂਰਨ ਕਾਗਜ਼ਾਤ
ਸਾਰੀਆਂ ਐਮਰਜੈਂਸੀ ਯੋਜਨਾਵਾਂ ਦੀ ਨਕਲ
ਕੀਮਤੀ ਚੀਜ਼ਾਂ ਲਈ ਵਾਟਰਪ੍ਰੂਫ਼ ਬੈਗ (ਪਾਣੀ ਨਾਲ ਭਿੱਜਣ ਤੋਂ ਬਚਾਉਣ ਵਾਲਾ ਝੋਲਾ)
ਸੂਚਿਤ ਰਹੋ
ਆਪਣੀਆਂ ਮੋਬਾਈਲ ਡਿਵਾਈਸਾਂ 'ਤੇ ਹੈਜ਼ਰਡਜ਼ ਨੀਅਰ ਮੀ (Hazards Near Me) ਐਪ ਨੂੰ ਡਾਊਨਲੋਡ ਕਰੋ ਅਤੇ ਉਹਨਾਂ ਇਲਾਕਿਆਂ ਲਈ ਚੌਕਸੀ ਵਾਲੇ ਖੇਤਰ (ਵਾਚ ਜ਼ੋਨ) ਬਣਾਓ ਜਿੱਥੇ ਤੁਸੀਂ ਰਹਿੰਦੇ ਹੋ, ਕੰਮ ਕਰਦੇ ਹੋ ਅਤੇ ਆਉਂਦੇ-ਜਾਂਦੇ ਹੋ।
ਸਰੋਤ ਡਾਊਨਲੋਡ ਕਰੋ